ਸਾਖੀ ਮੰਨਣਹਾਨੇ ਦੇ ਲੋਕਾਂ ਨਾਲ ਹੋਈ
ਸਾਖੀ ਮੰਨਣਹਾਨੇ ਦੇ ਲੋਕਾਂ ਨਾਲ ਹੋਈ
ਇਕ ਦਿਨ ਮਹਾਰਾਜ ਜੀ ਪਿੰਡ ਖੈੜ ਦੇ ਪੂਰਬ ਵੱਲ ਦੇ ਪਾਸੇ ਇਕ ਛੱਪੜ ਦੇ ਕੰਢੇ ਤੇ ਕਈ ਦਿਨ ਨਿਰੰਕਾਰ ਨਾਲ ਬਿਰਤੀ ਜੋੜੀ ਸਮਾਧੀ ਲਾ ਕੇ ਬੈਠੇ ਰਹੇ ।
ਉਸ ਵੇਲੇ ਆਪ ਜੀ ਦੇ ਮੁੱਖ ’ ਤੇ ਬਹੁਤ ਜਲਾਲ ਸੀ , ਰੂਹਾਨੀ ਨੂਰ ਡਲ੍ਹਕਾਂ ਮਾਰਦਾ ਸੂਰਜ ਨੂੰ ਮਾਤ ਪਾ ਰਿਹਾ ਸੀ ।
ਪਿੰਡ ਮੰਨਣਹਾਨੇ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪ ਜੀ ਦੇ ਕੋਲ ਆਏ , ਬੇਨਤੀ ਕੀਤੀ , ਭੋਲਾ ਜੀ ਸੁਰਗਵਾਸ ਹੋ ਗਏ ਹਨ , ਆਪ ਚਲ ਕੇ ਹੱਥੀਂ ਸਸਕਾਰ ਕਰੋ ।
ਮੰਗਲ ਦਾਸ ਜੀ ਤਾਂ ਸਾਧੂ ਰੂਪ ਵਿਚ ਰਹਿੰਦੇ ਹਨ , ਤੁਸੀਂ ਨੰਬਰਦਾਰੀ ਸੰਭਾਲੋ । ”
ਬਹੁਤ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਕੋਈ ਉੱਤਰ ਨਾ ਦਿੱਤਾ ।
ਇਕ ਬਜ਼ੁਰਗ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ।
ਉਸ ਦੇ ਕਹਿਣ ਤੇ ਆਪ ਜੀ ਬੋਲੇ , “ ਬਾਬਾ ਜੀ ।
ਬਾਬੇ ਭੋਲੇ ਦਾ ਸਸਕਾਰ ਕਰੋ , ਅਸੀਂ ਕੀ ਕਰਨੀਆਂ ਹਨ ਨੰਬਰਦਾਰੀਆਂ ? ਸਾਡਾ ਰਿਸ਼ਤਾ ਕਰਤਾਰ ਨਾਲ ਹੈ ।
ਸੰਸਾਰ ਦੇ ਸਾਰੇ ਰਿਸ਼ਤੇ ਝੂਠੇ ਹਨ ।
ਨਾਹਿ ਫਕੀਰ ਕਾ ਦੇਸ ਰਿਹਾ ਅਰੁ ਨਾਹਿ ਫਕੀਰ ਕੀ ਹੈ ਰਹੀ ਬਸਤੀ ॥ ੬੧ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥
ਕੂੜੁ ਰਾਜਾ ਕੂੜੁ ਪਰਜਾ ਕੂੜ ਸਭ ਸੰਸਾਰ
ਬਾਬੇ ਭੋਲੇ ਦੇ ਛੋਟੇ ਭਰਾ ਸੀਬੂ ਅਤੇ ਲੋਕਾਂ ਨੂੰ ਮਹਾਰਾਜ ਜੀ ਨੇ ਇਹ ਉਪਦੇਸ਼ ਦੇ ਕੇ ਤੋਰ ਦਿੱਤਾ ।
ਸਿਬੇ ਕੁੱਝ ਸਾਲ ਸਰਬਰਾਹੀ ਕਰਦਾ ਰਿਹਾ , ਜਿਥੋਂ ਦੇ ਪਿਛੋਂ ਉਹਦਾ ਪੁੱਤਰ ਰਲਾ ਨੰਬਰਦਾਰੀ ਕਰਦਾ ਰਿਹਾ ।
ਰਲਾ ਬਹੁਤ ਵਾਰੀ ਆਪ ਜੀ ਦੇ ਚਰਨਾਂ ਵਿਚ ਬੇਨਤੀਆਂ ਕਰਦਾ ਰਿਹਾ , “ ਸੱਚੇ ਪਾਤਸ਼ਾਹੈ ।
ਜਾਂ ਨੰਬਰਦਾਰੀ ਛੱਡਣ ਦੇ ਬਿਆਨ ਕਰ ਦੇਵੇ ਜਾਂ ਚਲ ਕੇ ਆਪ ਨੰਬਰਦਾਰੀ ਸੰਭਾਲੋ । ”
ਮਹਾਰਾਜ ਇਨ੍ਹਾਂ ਗੱਲਾਂ ਵੱਲ ਧਿਆਨ ਹੀ ਨਹੀਂ ਸਨ ਦਿੰਦੇ ।
ਇਕ ਵਾਰੀ ਬਾਬੇ ਮੰਗੂ ਦੇ ਕਹਿਣ ਤੇ ਬਿਆਨ ਕਰਨ ਵਾਸਤੇ ਤਿਆਰ ਹੋ ਪਏ , ਉੱਠ ਕੇ ਫਿਰ ਬੈਠ ਗਏ । ਗਏ ਨਹੀਂ ।
ਰਲੇ ਦੇ ਮਰਨ ਤੋਂ ਪਿੱਛੋਂ ਰਲੇ ਦਾ ਪੁੱਤਰ ਉਮਰੂ ਚੰਦ ਜਿਹੜਾ ਹੁਣ ਵੀ ਨੰਬਰਦਾਰ ਹੈ , ਉਸ ਦੀ ਸ਼ਾਦੀ ਦੇ ਦਿਨ ਸਨ , ਹੋਰ ਬੰਦਿਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ , “ ਜੀ ! ਮੇਰਾ ਵਿਆਹ ਹੈ , ਆਪ ਵੀ ਚਲੋ , ਮਜਾਰੇ ਵਾਲੇ ਨੱਥਾ ਸਿੰਘ ਕੋਲੋਂ ਵੀ ਅਖਵਾਇਆ ,
ਮਹਾਰਾਜ ਕਹਿੰਦੇ , “ ਨੱਥੂ ! ਅੱਜ ਅਸੀਂ ਵਿਆਹ ਜਾਵਾਂਗੇ , ਕੱਲ੍ਹ ਨੂੰ ਸਾਨੂੰ ਮਕਾਣੇ ਵੀ ਜਾਣਾ ਪਵੇਗਾ , ਅੱਗੇ ਵਾਸਤੇ ਸਾਨੂੰ ਘਰ ਦੇ ਕਿਸੇ ਵੀ ਕੰਮ ਵਾਸਤੇ ਨਹੀਂ ਆਖਣਾ ।
ਐਸੇ ਹੀ ਸੰਗਤਾਂ ਨੂੰ ਉਪਦੇਸ਼ ਦਿੰਦੇ ਧਰਮ ਦੀ ਕਿਰਤ ਕਰਨੀ , ਵੰਡ ਕੇ ਛਕਣਾ , ਆਏ ਸਾਧੂ ਨੂੰ ਛਕਾ ਕੇ ਪਿਛੋਂ ਆਪ ਛਕਣਾਂ , ਚੋਰੀ , ਯਾਰੀ , ਬਦੀ , ਵਿਰੋਧ , ਝੂਠ ਬੋਲਣਾ , ਨਿੰਦਿਆ ਕਰਨੀ ਬੁਰਾ ਦੱਸਿਆ । ਸੱਚ , ਧਰਮਸ਼ੀਲ , ਸੰਜਮ , ਸੰਤੋਖ ਧਾਰਨ ਕਰਨੇ ਦਾ ਅਤੇ ਨਾਮ ਜਪਣੇ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਦੋ ਸਾਲ ਰਹਿ ਕੇ ਬਹੁਤ ਸਾਰੇ ਕੌਤਕ ਇਨ੍ਹਾਂ ਪਿੰਡਾਂ ਵਿਚ ਦਿਖਾਏ ।
ਆਪ ਜੀ ਦੀ ਬਹੁਤ ਕੀਰਤੀ ਵਧ ਗਈ ,ਲੋਕੀ ਆਪ ਤੇ ਰੱਬ ਵਰਗੀ ਸ਼ਰਧਾ ਰੱਖਣ ਲੱਗ ਪਏ।
ਬੋਲੋ ਭਾਈ ਵਾਹਿਗੁਰੂ।
Comments
Post a Comment